ਲੋਕ ਤੱਥ, ਰਾਮਧਨ ਮਾਨਵ ਝੱਲ

ਲੋਕ ਤੱਥ
ਯਾਰ ਮਾਰ ਕਰੇ ਜਿਹੜਾ ਬੰਦਾ ਨਹੀਂ ਉਹ ਕੱਖਦਾ
ਯਾਰ ਦੀ ਜੋ ਭੈਣ ਉੱਤੇ ਮੈਲ਼ੀ ਅੱਖ ਰੱਖਦਾ
ਪਿੱਛਾ ਉਹ ਤਕਾਕੇ ਜਦੋਂ ਇੱਜ਼ਤਾਂ ਨੂੰ ਲੁੱਟਦਾ
ਮਰਿਆ ਨੀ ਜਾਂਦਾ ਇੱਕ ਬੜਾ ਦਿਲ ਟੁੱਟਦਾ
ਲੱਗਜੇ ਚਿੱਟੇ ਦੀ ਲੱਤ ਕਿਸੇ ਦੇ ਜੇ ਪੁੱਤ ਨੂੰ
ਗੇੜਾ ਦੇਵੇ ਆਪਣੀ ਹੀ ਮਾਂ ਦੀ ਜਦੋਂ ਗੁੱਤ ਨੂੰ
ਦੇਵੇ ਨਾ ਰੁਪੱਈਏ ਰਹੇ ਓਨਾ ਚਿਰ ਕੁੱਟਦਾ
ਮਰਿਆ ਨੀ ਜਾਂਦਾ ਇੱਕ ਦਿਲ ਬੜਾ ਟੁੱਟਦਾ
ਜੀਹਦਾ ਨਾ ਇਲਾਜ ਰੋਗ ਉਮਰਾਂ ਦਾ ਲੱਗਜੇ
ਬਾਪ ਦੇਵੇ ਪੁੱਤ ਦੀ ਚਿਖਾ ਨੂੰ ਜਿਹੜਾ ਅੱਗ ਜੇ
ਗੁੰਮ ਸੁੰਮ ਰਹੇ ਕੁਝ ਮੂੰਹੋ ਵੀ ਨੀ ਫੁੱਟਦਾ
ਮਰਿਆ ਨੀ ਜਾਂਦਾ ਇੱਕ ਦਿਲ ਬੜਾ ਟੁੱਟਦਾ
ਚੰਨ ਨਾਲੋਂ ਸੋਹਣੀ ਕੋਈ ਹੋਵੇ ਮੁਟਿਆਰ ਜੇ
ਦੇਵੇ ਠੁਕਰਾ ਇੱਕ ਪਾਸੜ ਪਿਆਰ ਜੇ
ਸਿਰਫਿਰਾ ਕੋਈ ਜੇ ਤੇਜ਼ਾਬ ਮੂੰਹ ਤੇ ਸੁੱਟਦਾ
ਮਰਿਆ ਨੀ ਜਾਂਦਾ ਇੱਕ ਦਿਲ ਬੜਾ ਟੁੱਟਦਾ
ਕਰੇ ਝੱਲ ਵਾਲਿਆ ਕੀ ਮਾੜੇ ਕੋਈ ਨਸੀਬ ਦਾ
ਬਿਨਾਂ ਇਲਾਜ ਮਰ ਜਾਵੇ ਪੁੱਤ ਜੇ ਗਰੀਬ ਦਾ
ਠੰਡੀਆਂ ਹਵਾਵਾਂ ਚ ਵੀ ਰਹੇ ਦਮ ਘੁੱਟਦਾ
ਮਰਿਆ ਨੀ ਜਾਂਦਾ ਇੱਕ ਦਿਲ ਬੜਾ ਟੁੱਟਦਾ
ਰਚਨਾ: ਰਾਮਧਨ ਮਾਨਵ ਝੱਲ

Leave a Reply

Your email address will not be published. Required fields are marked *